शनिवार, 25 फ़रवरी 2023

ਬੈਲਿਸਟਿਕ ਹੈਲਮਟ ਬਨਾਮ ਸਿਆਹਸਤ।

 ਬੈਲਿਸਟਿਕ ਹੈਲਮਟ ਬਨਾਮ ਸਿਆਹਸਤ।

ਇਹ ਪਹਿਲੀ ਵਾਰ ਹੈ ਕਿ ਕਿਸੇ ਭਾਰਤੀ ਸਰਕਾਰ ਨੇ ਸਿੱਖਾਂ ਦੇ ਲੰਬੇ ਵਾਲਾਂ ਅਤੇ ਜੂੜੇ ਪ੍ਰਤੀ ਸੰਵੇਦਨਸ਼ੀਲਤਾ ਦਿਖਾਈ ਅਤੇ ਉਹਨਾਂ ਦੀ ਸੰਭਾਲ ਨੂੰ ਧਿਆਨ 'ਚ ਰੱਖਦਿਆਂ ਵਿਸ਼ੇਸ਼ ਲੜਾਕੂ ਹੈੱਡਗੇਅਰ ਦਾ ਆਦੇਸ਼ ਦਿੱਤਾ ਹੈ।------- --

ਪਿਛਲੇ ਇਕ ਮਾਹ ਤੋਂ ਕੇਂਦਰ ਸਰਕਾਰ ਦੀ ਸਿੱਖ ਸੈਨਿਕਾਂ ਲਈ ਬੈਲਿਸਟਿਕ ਹੈਲਮਟ ਯੋਜਨਾ ਕਾਫੀ ਚਰਚਾ ਵਿਚ ਰਹਿਣ ਦੇ ਬਾਵਜੂਦ ਕਿਸੇ ਅਧਿਕਾਰਤ ਐਲਾਨ ਜਾਂ ਅਮਲ ਦੀ ਅਣਹੋਂਦ ਵਿਚ ਇਸ ਵਿਸ਼ੇ ’ਤੇ ਕੁਝ ਵੀ ਕਿਹਾ ਜਾਣਾ ਸੰਭਵ ਨਹੀਂ ਸੀ, ਪਰ ਹੁਣ ਇਸ ਮੁੱਦੇ ’ਤੇ ਕੌਮੀ ਘਟ ਗਿਣਤੀ ਕਮਿਸ਼ਨ ਵੱਲੋਂ ਸਿੱਖ ਸੰਸਥਾਵਾਂ ਦੀ ਬੁਲਾਈ ਗਈ ਮੀਟਿੰਗ ਉਪਰੰਤ ਇਸ ਵਿਸ਼ੇ ’ਤੇ ਵਿਚਾਰ ਚਰਚਾ ਜ਼ਰੂਰੀ ਹੈ। ਇਹ ਇਕ ਅਟੱਲ ਸਚਾਈ ਹੈ ਕਿ ਆਰਮੀ ਕਿਸੇ ਵੀ ਧਾਰਮਿਕ ਮੁੱਦਿਆਂ ਬਾਰੇ ਬਹੁਤ ਸੰਵੇਦਨਸ਼ੀਲ ਰਹਿੰਦੀ ਹੈ।
ਬੈਲਿਸਟਿਕ ਹੈਲਮਟ ਨੂੰ ਲੋਹ ਟੋਪ ਗਰਦਾਨਦਿਆਂ ਵਿਸ਼ਵ ਯੁੱਧਾਂ ਅਤੇ ਬਾਅਦ ’ਚ ਹੋਈਆਂ ਲੜਾਈਆਂ ਵਿਚ ਸਿੱਖ ਸੈਨਿਕਾਂ ਵੱਲੋਂ ਲੋਹ ਟੋਪ ਨਾ ਪਹਿਨਣ ਦੀ ਦਲੀਲ ਤੋਂ ਇਲਾਵਾ ਸਿੱਖੀ ਵਿਚ ਟੋਪੀ ਵਿਵਰਜਿਤ ਹੋਣ ਬਾਰੇ ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ’ਚ ਦਰਜ਼ ’’ਹੋਏ ਸਿੱਖ ਸਿਰ ਟੋਪੀ ਧਰੈ ਸਾਤ ਜਨਮ ਕੁਸ਼ਟੀ ਹੋਏ ਮਰੈ।” ਨੂੰ ਅਧਾਰ ਬਣਾ ਕੇ ਕੁਝ ਹਲਕਿਆਂ ਵੱਲੋਂ ਕੀਤੀ ਜਾ ਰਹੀ ਅਲੋਚਨਾ ਦੇ ਮੱਦੇਨਜ਼ਰ ਇਹ ਵਿਚਾਰਨ ਦੀ ਲੋੜ ਹੈ ਕਿ, ਕੀ ਇਹ ਉਹੋ ਟੋਪੀ ਹੈ, ਜਿਸ ਦੀ ਸਿੱਖ ਰਹਿਤ ਮਰਯਾਦਾ ਵਿਚ ਵਿਵਰਜਿਤ ਹੈ। ਟੋਪੀ ਦਸਤਾਰ ਦਾ ਬਦਲ ਹੈ। ਕੇਸਾਧਾਰੀ ਸਿੱਖ ਦਸਤਾਰ ਸਜਾਉਂਦੇ ਹਨ, ਜਦੋਂ ਕਿ ਮੋਨੇ ਲੋਕ ਸਿਰ ’ਤੇ ਟੋਪੀ ਰੱਖਦੇ ਹਨ। ਕੇਸ ਕਤਲ ਕਰਨ ਦੇ ਪਤਿਤਪੁਣੇ ਨੂੰ ਰੋਕਣ ਵਾਸਤੇ ਟੋਪੀ ਨੂੰ ਵਰਜਿਤ ਕਰਨਾ ਜ਼ਰੂਰੀ ਸੀ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੁਣ ਫ਼ੌਜਾਂ ਦੀ ਯੁੱਧ ਕਲਾ, ਤੌਰ ਤਰੀਕੇ, ਰਣਨੀਤੀ ਅਤੇ ਫ਼ੌਜੀ ਸਾਜੋ ਸਮਾਨ ਵਿਚ ਬਹੁਤ ਸਾਰੇ ਬਦਲਾਅ ਅਤੇ ਵਿਕਾਸ ਆ ਚੁੱਕਿਆ ਹੈ। ਹੁਣ ਇਕ ਫ਼ੌਜੀ ਆਪਣੇ ਆਪ ਵਿਚ ਪੂਰਾ ਸਿਸਟਮ ਅਤੇ ਫ਼ੌਜੀ ਸਾਜੋ ਸਮਾਨ ਨਾਲ ਲੈ ਕੇ ਚਲਦਾ ਹੈ।
ਇਹ ਪਹਿਲੀ ਵਾਰ ਹੈ ਕਿ ਕਿਸੇ ਭਾਰਤੀ ਸਰਕਾਰ ਨੇ ਸਿੱਖਾਂ ਦੇ ਲੰਬੇ ਵਾਲਾਂ ਅਤੇ ਜੂੜੇ ਪ੍ਰਤੀ ਸੰਵੇਦਨਸ਼ੀਲਤਾ ਦਿਖਾਈ ਹੈ ਅਤੇ ਉਹਨਾਂ ਦੀ ਸੰਭਾਲ ਨੂੰ ਧਿਆਨ ਵਿੱਚ ਰੱਖਦਿਆਂ ਵਿਸ਼ੇਸ਼ ਬੈਲਿਸਟਿਕ ਹੈਲਮਟ Kavro SCH 111 T, ਨੂੰ ਸਿਰ ਦੇ ਆਕਾਰ ਦੇ ਮੁਤਾਬਿਕ ਡਿਜ਼ਾਈਨ ਕੀਤਾ ਗਿਆ ਹੈ। ਜਿਸ ਵਿੱਚ ਵਿਸ਼ਵ ਵਿਆਪੀ ਆਧੁਨਿਕ ਨਵੀਨਤਮ ਯੁੱਧ ਤਕਨੀਕਾਂ ਦੀਆਂ ਲੋੜਾਂ ਅਨੁਸਾਰ ਰਾਤ ਸਮੇਂ ਦੇਖਿਆ ਜਾ ਸਕਣ ਵਾਲਾ ਇਨਫਰਾਰੈਡ ਡਿਵਾਈਸ, ਕਮਿਊਨੀਕੇਸ਼ਨ ਭਾਵ ਸੰਚਾਰ ਉਪਕਰਨ ਹੈਡਫੋਨ ਅਤੇ ਅੱਜ ਦੀ ਜੰਗੀ ਮਾਹੌਲ ’ਚ ਪ੍ਰਮੁੱਖਤਾ ਹਾਸਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਗਈ ਹੈ। ਸਿੱਖ ਫ਼ੌਜੀਆਂ ਲਈ ਤਿਆਰ ਕੀਤਾ ਗਿਆ ਇਹ ਇੱਕ ਇਕ ਸੈਨਿਕ ਆਪ੍ਰੇਸ਼ਨ ਹੈਡਗੇਅਰ ਹੈ, ਜਿਸ ਨੂੰ ਟੋਪੀ ਜਾਂ ਲੋਹ ਟੋਪ ਕਹਿਣਾ ਗ਼ਲਤ ਹੋਵੇਗਾ। ਭਾਰਤੀ ਫੌਜ ਦੇ ਸਾਰੇ ਸੈਨਿਕਾਂ ਲਈ ਬੈਲਿਸਟਿਕ ਲੜਾਕੂ ਹੈੱਡਗੇਅਰ ਧਾਰਨ ਕਰਨਾ ਲਾਜ਼ਮੀ ਹੋਵੇਗਾ। ਜਿਸ ਨੂੰ ਪਹਿਨੇ ਬਿਨਾਂ ਮੈਦਾਨੇ ਜੰਗ ਵਿੱਚ ਲੜਨ ਦੇ ਯੋਗ ਨਹੀਂ ਹੋਵੇਗਾ। ਵਿਸ਼ੇਸ਼ ਲੜਾਕੂ ਹੈੱਡਗੇਅਰ ਦੀ ਖ਼ਾਸੀਅਤ ਇਹ ਹੈ ਕਿ ਇਹ ਹਰ ਤਰ੍ਹਾਂ ਦੇ ਜੰਗਜੂ ਮਾਹੌਲ ਤੇ ਮੌਸਮ ਵਿੱਚ ਸੈਨਿਕ ਨੂੰ ਵਧੇਰੇ ਸੁਰੱਖਿਆ ਪ੍ਰਦਾਨ ਕਰਨ ਲਈ ਸਮਰੱਥ ਹੈ। ਹੈਡਗੇਅਰ ਰਾਹੀਂ ਇਕ ਫ਼ੌਜੀ ਨੂੰ ਉਹ ਸਾਰੀ ਜ਼ਰੂਰੀ ਜਾਣਕਾਰੀ ਮਿਲਦੀ ਹੈ, ਜੋ ਜੰਗੀ ਕੁਸ਼ਲਤਾ ਲਈ ਜ਼ਰੂਰੀ ਹੈ। ਇਹ ਆਧੁਨਿਕ ਫ਼ੌਜੀ ਸਾਜੋ ਸਮਾਨ ਦਾ ਜ਼ਰੂਰੀ ਹਿੱਸਾ ਹੈ। ਇਸ ਨੂੰ ਆਧੁਨਿਕ ਯੁੱਧ ਯੰਤਰ ਦੇ ਇਕ ਅਹਿਮ ਹਿੱਸੇ ਵਜੋਂ ਕਿਸੇ ਆਪ੍ਰੇਸ਼ਨ ਜਾਂ ਜੰਗ ਸਮੇਂ ਪਹਿਨਿਆ ਜਾਵੇਗਾ। ਆਮ ਰੁਟੀਨ ਵਿਚ ਨਹੀਂ। ਸਿੱਖ ਸੈਨਿਕਾਂ ਕੋਲ ਆਮ ਰੁਟੀਨ ਲਈ ਤਿੰਨ ਵੱਖ ਵੱਖ ਯੂਨੀਫ਼ਾਰਮ ਹਨ। ਹਰੇ ਰੰਗ ਦੀ ਸਧਾਰਨ ਵਰਦੀ, ਲਾਲ ਦਸਤਾਰ ਨਾਲ ਪਰੇਡ ਵਰਦੀ ਅਤੇ ਜੰਗ ਲਈ ਕੌਬੈਟ ਵਰਦੀ। ਹੁਣ ਤਕ ਹੈਡਗੇਅਰ ਦੀ ਵਰਤੋਂ ਟੈਂਕ ਅਤੇ ਲੜਾਕੂ ਹਵਾਈ ਜਹਾਜ਼ਾਂ ਵਿਚ ਸਵਾਰ ਹੋਣ ਸਮੇਂ ਇਕ ਦੂਜੇ ਨਾਲ ਕਮਿਊਨੀਕੇਸ਼ਨ ਲਈ ਛੋਟੀ ਦਸਤਾਰ ਜਾਂ ਪਟਕੇ ਉੱਪਰ ਪਹਿਨ ਕੇ ਕੀਤੀ ਜਾਂਦੀ ਹੈ। 
ਨਿਰਸੰਦੇਹ ਸਿੱਖੀ ’ਚ ਮਨੁੱਖ ਅਤੇ ਮਨੁੱਖਤਾ ਬਹੁਤ ਅਨਮੋਲ ਹੈ। ਮਾਨਵ ਜੀਵਨ ਦੁਰਲੱਭ ਹੈ। ’’ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ ॥ ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ ॥’’ ਗੁਰਬਾਣੀ ਮਾਨਵ ਜੀਵਨ ਦੀ ਕਦਰ ਅਤੇ ਇਸ ਕਾਇਆ ਦੀ ਸੰਭਾਲ ਦੀ ਪ੍ਰੇਰਣਾ ਦਿੰਦੀ ਹੈ। ਮਾਨਵ-ਕਾਇਆ ਨੂੰ ’’ਇਸ ਦੇਹੀ ਕਉ ਸਿਮਰਹਿ ਦੇਵ’’ ਦਾ ਮੁਕਾਮ ਹਾਸਿਲ ਹੈ। ਇਹ ਦੇਹੀ ਰੱਬ ਦਾ ਵਰਦਾਨ ਹੈ ਅਤੇ ਕੁਦਰਤ ਵਿਚ ਅਕਾਲ ਪੁਰਖ ਨੇ ਇਸ ਨੂੰ ਸਿਰਦਾਰੀ ਦਿੱਤੀ ਹੈ। ਇਸ ਦੀ ਹਾਨੀ ਕਰਨ ਵਾਲਾ ਮਹਾਂਪਾਪੀ, ’’ਆਤਮ ਘਾਤੀ ਹੈ ਜਗਤ ਕਸਾਈ ॥’’ ਹੈ। ਇਸ ਦੇਹੀ ਦੀ ਆਹੂਤੀ ਤਦੋਂ ਹੀ ਸਾਰਥਿਕ ਹੈ, ਜਦੋਂ ਕਠਿਨ ਹਾਲਾਤ ਵਿਚ ਲੱਖਾਂ ਦਾ ਜੀਵਨ ਬਚਾਉਣ ਵਾਸਤੇ ਇਸ ਤਨ ਨੂੰ ਕੁਰਬਾਨ ਕਰਨ ਦੀ ਅਣਸਰਦੀ ਆਵੱਸ਼ਕਤਾ ਆਣਬਣੇ।
ਦਸਤਾਰ ਅਤੇ ਕੇਸ ਆਦਿ ਸਿੱਖੀ ਦੀ ਸ਼ਾਨ, ਮਾਣ ਸਨਮਾਨ ਅਤੇ ਸਿੱਖ ਅਖਵਾਉਣ ਦੇ ਬੁਨਿਆਦ ਹਨ, ਜਿਨ੍ਹਾਂ ਦੀ ਰੱਖਿਆ ਲਈ ਸਿੱਖ ਹਰ ਕੁਰਬਾਨੀ ਦੇ ਸਕਦਾ ਹੈ। ਪਰ ਜੇ ਇਨ੍ਹਾਂ ਨੂੰ ਸਲਾਮਤ ਰੱਖ ਕੇ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਬਦਲਵੇਂ ਪ੍ਰਬੰਧ ਕਰ ਲਏ ਜਾਣ ਤਾਂ ਇਸ ਵਿਚ ਧਰਮ ਦੀ ਕੀ ਹਾਨੀ ਹੈ? ਸਿੱਖ ਪਰੰਪਰਾ ’ਚ ਜੰਗ ਸਮੇਂ ਸਿਰ ਦੀ ਸੁਰੱਖਿਆ ਲਈ ਕਵਚ ਦੀ ਆਗਿਆ ਦੇਣ ਦਾ ਹਵਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਕ੍ਰਿਤੀ ਸ਼ਸਤਰਨਾਮਮਾਲਾ ਵਿਚ ਹਮਲਾਵਰ ਹਥਿਆਰਾਂ ਤੋਂ ਇਲਾਵਾ ਸੰਜੋਅ, ਸੰਨਾਹ, ਖੋਲ ਆਦਿ ਸੁਰੱਖਿਆ ਕਵਚਾਂ ਦਾ ਵੀ ਉਲੇਖ ਮਿਲਦਾ ਹੈ। ਸੈਨਿਕ ਇਤਿਹਾਸਕਾਰਾਂ ਮੁਤਾਬਿਕ ਮੱਧਕਾਲੀ ਇਤਿਹਾਸ ਵਿੱਚ ਸਿੱਖ ਮਿਸਲਾਂ ਵੇਲੇ ਵੀ ਸਿੱਖ ਸੈਨਿਕ ਹੈਲਮਟ ਪਹਿਨਦੇ ਸਨ। ਬਹੁਤ ਸਾਰੀਆਂ ਪੁਰਾਣੀਆਂ ਤਸਵੀਰਾਂ ਮਿਲਦੀਆਂ ਹਨ, ਜਿਨ੍ਹਾਂ ’ਚ ਜੁਝਾਰੂ ਸਿੱਖ ਸਰਦਾਰ ਦਸਤਾਰ ਦੇ ਹੇਠ ਲੋਹ-ਟੋਪ ਪਹਿਨੇ ਹੋਏ ਹਨ। ਇਨ੍ਹਾਂ ਤਸਵੀਰਾਂ ਵਿਚ ਬਾਬਾ ਬੰਦਾ ਸਿੰਘ ਤੋਂ ਇਲਾਵਾ ਸਰਦਾਰ ਹਰੀ ਸਿੰਘ ਨਲਵਾ ਵੀ ਸ਼ਾਮਿਲ ਹਨ । ਇਸੇ ਤਰਾਂ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜੀ ਵਰਦੀ ਦਾ ਇਕ ਲੋਹੇ ਦਾ ਟੋਪ ਜਿਸ ਵਿਚ ਜੂੜੇ ਲਈ ਥਾਂ ਬਣੀ ਹੋਈ ਹੈ, ਕੰਪਨੀ ਕੁਲੈਕਸ਼ਨ ਸਮਿਥਸੋਨੀਅਨ ਮਿਊਜ਼ੀਅਮ ਵਾਸ਼ਿੰਗਟਨ ਵਿਚ ਮੌਜੂਦ ਦੱਸਿਆ ਜਾਂਦਾ ਹੈ। ਜੇਕਰ ਇਤਿਹਾਸਿਕ ਪ੍ਰਮਾਣ ਦੀ ਗਲ ਕਰੀਏ ਤਾਂ ਪੰਥ ਪ੍ਰਵਾਨਿਤ ਭਾਈ ਰਤਨ ਸਿੰਘ ਭੰਗੂ 'ਸ਼੍ਰੀ ਗੁਰੂ ਪੰਥ ਪ੍ਰਕਾਸ਼' ਵਿਚ ਭਾਈ ਸੁਖਾ ਸਿੰਘ ਲੋਹ ਟੋਪ ਪਹਿਨ ਕੇ ਗਿਲਜਿਆਂ (ਅਫ਼ਗਾਨੀਆਂ) ਨਾਲ ਯੁੱਧ ਕਰਨ ਦਾ ਵਰਣਨ ਕਰਦੇ ਹਨ। ’’ਸੁਖਾ ਸਿੰਘ ਭੀ ਸੰਜੋਯ ਮੰਗਾਯੋ। ਦਸਤ ਦਸਤਾਨੇ ਸਿਰ ਟੋਪ ਟਿਕਾਯੋ।’’ ਉਸ ਵਕਤ ਦਾ ਸਿੱਖ ਲੋਹ-ਟੋਪ, ਸੰਜੋਅ ਆਦਿ ਦਾ ਵਿਰੋਧ ਨਹੀਂ ਕਰਦਾ, ਬਲਕਿ ਸਾਰੇ ਕਾਮਨਾ ਕਰਦੇ ਸਨ, ਕਿ ਪੰਥ ਵਾਸਤੇ ਜੂਝਣ ਵਾਲਿਆਂ ਦੀ ਸਰੀਰਕ ਸੁਰੱਖਿਆ ਵੀ ਹੋਵੇ। ਇਸ ਲਈ ਜਦੋਂ ਗਿਲਜਿਆਂ ਨਾਲ ਜੂਝਣ ਵਾਸਤੇ ਭਾਈ ਸੁਖਾ ਸਿੰਘ ਸ਼ਸਤਰ ਸਜਾਉਂਦਾ ਹੈ, ਟੋਪ ਪਹਿਨਦਾ ਹੈ, ਤਾਂ ਗੁਰੂ ਦੇ ਪਿਆਰੇ ਪੰਜ ਸਿੰਘ ਅਰਦਾਸ ਵੀ ਕਰਦੇ ਹਨ। ’’ਲਈ ਸਿਰੋਹੀ ਦੁਇ ਕਰ ਨਮਸਕਾਰ। ਗਾਤਰੇ ਪਾਈ ਢਾਲ ਸੰਭਾਲ। ਪੰਜ ਸਿੰਘਨ ਤੇ ਅਰਦਾਸ ਕਰਾਈ। ਹੋਇ ਭਗੌਤੀ ਸਿੰਘਨ ਸਹਾਈ।’’ ਭਾਈ ਰਤਨ ਸਿੰਘ ਭੰਗੂ ਅੱਗੇ ਲਿਖਦਾ ਹੈ ਕਿ ਜਥੇਦਾਰ ਸ਼ਯਾਮ ਸਿੰਘ ਦੇ ਜਥੇ ਦਾ ਜੁਝਾਰੂ ਸਰੀਨ ਖਤ੍ਰੀ ਸਿੱਖ ਕਰਮ ਸਿੰਘ, ਯੁੱਧ ਵਾਸਤੇ ਤਿਆਰ ਹੁੰਦਾ ਹੈ, ਤਾਂ ’’ਸੰਜੋਇ ਧਾਰ ਸਿਰ ਮੁਕਟ (ਲੋਹ-ਟੋਪ) ਬੰਧਾਯੋ। ਢਾਲ ਹਾਥ ਗਲ ਤੇਗੋ ਪਾਯੋ।..... ਹਰੌਲ (ਹਰਾਵਲ ਦਸਤਾ) ਸਿੰਘ ਜਬ ਆਵਤਾ ਦੇਖਾ। ਪਰਯੋ ਸਿੰਘ ਪੈ ਹੋਇ ਸੁਰੇਖਾ। ਆਇ ਤਲਵਾਰ ਸਿੰਘ ਤਿਨ ਸਿਰ ਲਾਈ। ਮੁਕਟ (ਲੋਹ-ਟੋਪ) ਸਹਤ ਸਿਰੋਂ ਪਗ ਗਿਰਾਈ।’’ (ਭਾਵ ਕਿ ਦੁਸ਼ਮਣ ਦੇ ਹਰਾਵਲ ਦਸਤੇ ਨਾਲ ਮੁੱਠ-ਭੇੜ ਵਕਤ ਸਿਰ ਵਿਚ ਤਲਵਾਰ ਲੱਗਣ ਕਾਰਨ ਭਾਈ ਕਰਮ ਸਿੰਘ ਦੀ ਦਸਤਾਰ ਲੋਹ-ਟੋਪ ਸਹਿਤ ਹੇਠਾਂ ਡਿਗ ਪਈ ਸੀ)। ਭਾਈ ਰਤਨ ਸਿੰਘ ਭੰਗੂ ਦੱਸਦੇ ਹਨ ਕਿ ਅਫ਼ਗ਼ਾਨਾਂ ਸਾਹਮਣੇ ਸਿੱਖਾਂ ਦੇ ਹੌਸਲੇ ਤਾਂ ਬੁਲੰਦ ਸਨ, ਪਰ ਅਫ਼ਗ਼ਾਨਾਂ ਕੋਲ ਲੋਹ-ਟੋਪ ਸਨ, ਜੋ ਸਿੱਖਾਂ ਨੂੰ ਉਪਲਬਧ ਨਹੀਂ ਸੀ ਹੁੰਦੇ। ਅਫ਼ਗ਼ਾਨ ਨੂੰ ਮਾਰ ਕੇ ਸਿੱਖ ਉਸ ਦਾ ਲੋਹ-ਟੋਪ ਉਤਾਰ ਕੇ ਪਹਿਨ ਲਿਆ ਕਰਦੇ ਸਨ। ਕੀ ਸ਼੍ਰੋਮਣੀ ਕਮੇਟੀ ਇਨ੍ਹਾਂ ਪੰਥ ਪ੍ਰਵਾਨਿਤ ਲਿਖਤਾਂ ਪ੍ਰਤੀ ਖੰਡਨ ਕਰਨ ਲਈ ਤਿਆਰ ਹੈ?
ਨਿਹੰਗ ਸਿੰਘਾਂ ਦੀਆਂ ਪਰੰਪਰਾਗਤ ਦਸਤਾਰਾਂ ਦੀ ਗਲ ਕਰੀਏ ਤਾਂ ਉਨ੍ਹਾਂ ਵੱਲੋਂ ਦੁਮਾਲਾ ਉੱਚਾ ਰੱਖਣ ਦੇ ਪਿੱਛੇ ਇਕ ਕਾਰਨ ਸਿਰ ਉੱਤੇ ਚੋਟ ਲੱਗਣ ਤੋਂ ਸੁਰੱਖਿਆ ਪ੍ਰਦਾਨ ਕਰਨਾ ਵੀ ਸੀ। ਨਿਹੰਗ ਸਿੰਘ ਦਸਤਾਰ ਵਿਚ ਲੋਹੇ ਦੀਆਂ ਬਹੁਤ ਸਾਰੀਆਂ ਚੀਜ਼ਾਂ ਰੱਖਣ, ਚੱਕਰ ਸਜਾਉਣ ਅਤੇ ਦਸਤਾਰ ਵਿਚ ਲੋਹੇ ਦੀ ਮਾਲਾ ਪਰੋਣ ਕੇ ਰੱਖਦੇ ਹਨ ਤਾਂ ਕਿ ਦੁਸ਼ਮਣ ਦੀ ਤਲਵਾਰ ਸਿਰ ਤਕ ਨਾ ਪਹੁੰਚ ਸਕੇ।  
ਸ਼੍ਰੋਮਣੀ ਕਮੇਟੀ ਵੱਲੋਂ ਕੇਂਦਰ ਸਰਕਾਰ ਦੀ ਸਿੱਖ ਸੈਨਿਕਾਂ ਲਈ ਜੰਗਜੂ ਹੈਡਗੇਅਰ ਤਜਵੀਜ਼ ਨੂੰ ਸਪਸ਼ਟ ਲਫ਼ਜ਼ਾਂ ਵਿਚ ਅਪ੍ਰਵਾਨ ਕਰਦਿਆਂ ਇਸ ਨੂੰ ਸਿੱਖ ਰਹਿਣੀ ਅਤੇ ਧਾਰਮਿਕ ਪਛਾਣ ’ਤੇ ਹਮਲਾ ਕਰਾਰ ਦੇ ਕੇ ਕਿਸੇ ਵੀ ਸੰਵਾਦ ਤੋਂ ਇਨਕਾਰ ਕਰਨਾ ’’ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ ।।’’ ਦੇ ਸੰਕਲਪ ਦੇ ਵਿਪਰੀਤ ਨਹੀਂ ਤਾਂ ਕੀ ਹੈ?। ਸੰਵਾਦ ਪ੍ਰਤੀ ਇਨਕਾਰ ਦੇ ਇਕ ਨੁਕਾਤੀ ਏਜੰਡੇ ਨੂੰ ਸਹੀ ਸਿੱਧ ਕਰਨ ਲਈ ਸ਼੍ਰੋਮਣੀ ਕਮੇਟੀ ਨੇ ਇਤਿਹਾਸ ਦੇ ਹਵਾਲਿਆਂ ਨਾਲ ਜੋ ਦਲੀਲ ਦਿੱਤੀ ਉਹ ਅਧੂਰੀ ਜਾਣਕਾਰੀ ਸੀ। ਅਜਿਹਾ ਕਰਦੇ ਹੋਏ ਅਸੀਂ ਇਹ ਵੀ ਭੁੱਲ ਗਏ ਕਿ ਜਿਸ ਗੁਰੂ ਦੇ ਅਸੀਂ ਸਿੱਖ ਹਾਂ, ਉਨ੍ਹਾਂ ਗੁਰਮਤ ਵਿਚਾਰਾਂ ਦੇ ਸੰਵਾਦ ਲਈ ਮੱਕਾ ਮਦੀਨਾ ਪਹੁੰਚ ਕੇ ਇਸਲਾਮ ਮਤ ਦੇ ਆਗੂਆਂ ਨਾਲ ਅਤੇ ਸੁਮੇਰ ਪਰਬਤਾਂ ਨੂੰ ਸਰ ਕਰਦਿਆਂ ਸਿੱਧਾਂ ਜੋਗੀਆਂ ਨਾਲ ਵੀ ਗੋਸ਼ਟੀਆਂ ਕੀਤੀਆਂ ਸਨ। ਜਿਨ੍ਹਾਂ ਆਲੋਚਕਾਂ ਨੇ ਕਿਹਾ ਕਿ ਸਿੱਖ ਫ਼ੌਜੀ ਜਜ਼ਬਾਤ ਨਾਲ ਲੜਦੇ ਹਨ, ਉਨ੍ਹਾਂ ਨੂੰ ਸਵਾਲ ਹੈ ਕਿ ਇਸ ਹੈਡਗੇਅਰ ਦੇ ਪਹਿਨਣ ਨਾਲ ਉਨ੍ਹਾਂ ਦੇ ਜਜ਼ਬਾਤ ’ਤੇ ਕਿਵੇਂ ਫ਼ਰਕ ਪਵੇਗਾ? ਯੁੱਧ-ਕਾਲ ਵਿਚ ਸਿੱਖ ਸੈਨਿਕਾਂ ਦੇ ਸਿਰਾਂ ਦੀ ਸੁਰੱਖਿਆ ਲਈ ਦਸਤਾਰ ਉੱਪਰ ਪਹਿਨ ਸਕਣ ਲਈ ਵਿਸ਼ੇਸ਼ ਯੰਤਰ ਤਿਆਰ ਕਰਨ ਦੀ ਮੰਗ ਕਰਨ ਦੀ ਥਾਂ ਕੁਝ ਸਿੱਖ ਆਗੂਆਂ ਦਾ ਪਰੰਪਰਾ ਦਾ ਬੇ ਦਲੀਲ ਹਵਾਲਾ ਦੇ ਕੇ ਸਰਕਾਰ ਨੂੰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖ਼ਲ ਦੇਣ ਦੀ ਦੋਸ਼ੀ ਦੱਸਣਾ ਕੀ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਹੈ? ਸਾਨੂੰ ਸਿੱਖ ਸੈਨਿਕਾਂ ਦੇ ਅਨਮੋਲ ਜੀਵਨ ਦੀ ਚਿੰਤਾ ਕਰਨ ਦੀ ਲੋੜ ਹੈ। ਸ਼ਹੀਦ ਸੈਨਿਕਾਂ ਦੇ ਵਿਹੜਿਆਂ ਦੇ ਮਾਤਮ ਅਤੇ ਗ਼ਮਗੀਨਤਾ ਨੂੰ ਮਹਿਸੂਸ ਕਰਨ ਦੀ ਥਾਂ, ਇਹ ਕਮਾਲ ਦੀ ਗਲ ਹੈ ਕਿ ਕੇਂਦਰ ਸਰਕਾਰ ਦੀ ਸਿੱਖ ਫ਼ੌਜੀਆਂ ਦੀ ਜਾਨ ਦੀ ਸੁਰੱਖਿਆ ਅਤੇ ਸੰਵੇਦਨਸ਼ੀਲਤਾ ਇਨ੍ਹਾਂ ਆਲੋਚਕਾਂ ਲਈ ’’ਤਰਕਹੀਣ’’ ਹੈ। ਸਿੱਖ ਰਹਿਤ ਮਰਿਆਦਾ ਵਿੱਚ ਕੇਸਾਂ ਦੀ ਬਹੁਤ ਵੱਡੀ ਮਹਾਨਤਾ ਹੈ, ਪਰ ਵਿਡੰਬਣਾ ਦੇਖੋ ਕਿ, ਇੱਥੇ ਸਿੱਖੀ ਨੂੰ ਕੇਸਾਂ ਤੇ ਸਵਾਸਾਂ ਨਾਲ ਨਿਭਾਉਣ ਦੀਆਂ ਦਲੀਲਾਂ ਉਨ੍ਹਾਂ ਲੋਕਾਂ ਵੱਲੋਂ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਰੋਮਾਂ ਦੀ ਬੇਅਦਬੀ ਲਈ ਚਰਚਾ ਆਮ ਹੁੰਦੀ ਆਈ ਹੈ।  ਆਪਣਿਆਂ ਨੂੰ ਜੰਗ ਵਿਚ ਸ਼ਹੀਦ ਹੋਣ ਨੂੰ ਪਹਿਲ ਦੇਣ ਅਤੇ ’’ਸਾਡਾ ਰਾਖਾ ਅਕਾਲ ਪੁਰਖ ਹੈ।’’ ਦਾ ਸਬਕ ਇੱਥੇ ਉਨ੍ਹਾਂ ਅਕਾਲੀਆਂ ਵੱਲੋਂ ਪੜ੍ਹਾਇਆ ਜਾ ਰਿਹਾ ਹੈ ਜਿਹੜੇ ਘਰਾਂ ਤੋਂ ਨਿਕਲਣ ਵੇਲੇ ਦਰਜਨਾਂ ਅੰਗ ਰੱਖਿਅਕ / ਸੁਰੱਖਿਆ ਗਾਰਡ ਅੱਗੇ ਪਿੱਛੇ ਨਾਲ ਰੱਖਦੇ ਹਨ। 
ਸਿੱਖ ਸੈਨਿਕਾਂ ਲਈ ਆਪ੍ਰੇਸ਼ਨ ਹੈੱਡਗੇਅਰ ਧਾਰਨ ਕਰਨ ਪ੍ਰਤੀ ਆਪਣੇ ਪੱਧਰ ’ਤੇ ਨਿਰਣਾ ਕਰਨ ਦੀ ਬਜਾਏ ਧਾਰਮਿਕ ਆਗੂਆਂ ਨੂੰ ਸਿੱਖ ਸੈਨਿਕਾਂ, ਯੁੱਧ ਮਾਹਿਰਾਂ, ਇਤਿਹਾਸਕਾਰਾਂ ਅਤੇ ਵਿਦਵਾਨਾਂ ਨਾਲ ਸੰਵਾਦ ਰਚਾਉਣੀ ਚਾਹੀਦੀ ਹੈ। ਸੰਵਾਦ ਤੋਂ ਬਾਅਦ ਸੋਚ ਸਮਝ ਕੇ ਫ਼ੈਸਲਾ ਲੈਣਾ ਹੋਵੇਗਾ, ਕਿ ਸਿੱਖ ਫ਼ੌਜੀਆਂ ਦੀ ਧਾਰਨਾ ਕੀ ਹੈ ਜਾਂ ਸੁਰੱਖਿਆ ਦੇ ਕੀ ਪੁਖ਼ਤਾ ਇੰਤਜ਼ਾਮ ਕੀਤੇ ਜਾ ਸਕਦੇ ਹਨ। ਅਫ਼ਸੋਸ ਦੀ ਗੱਲ ਹੈ ਕਿ ਖ਼ਾਲਸਾ ਅਕਾਲ ਪੁਰਖ ਕੀ ਫ਼ੌਜ, ਦੀ ਵਾਗਡੋਰ ਅੱਜ ਉਨ੍ਹਾਂ ਲੋਕਾਂ ਦੇ ਹੱਥਾਂ ਵਿਚ ਹੈ ਜਿਨ੍ਹਾਂ ਨੂੰ ਆਧੁਨਿਕ ਯੁੱਧ ਕਲਾ ਅਤੇ ਫ਼ੌਜੀ ਮਾਮਲਿਆਂ ਬਾਰੇ ਅਧੂਰਾ ਗਿਆਨ ਹੈ। ਇਸ ਮਾਮਲੇ ’ਚ ਫ਼ੌਜੀ ਦ੍ਰਿਸ਼ਟੀਕੋਣ ਦੇ ਉਲਟ ਸਿਆਸਤ ਤੋਂ ਪ੍ਰੇਰਤ ਪ੍ਰਾਪੇਗੰਡਾ ਨੂੰ ਬਿਮਾਰ ਸੋਚ ਦਾ ਪ੍ਰਗਟਾਵਾ ਮੰਨਿਆ ਜਾਵੇਗਾ। ਕੇਂਦਰ ਵਿਚ ਭਾਜਪਾ ਦੀ ਸਰਕਾਰ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਵਿਰੋਧ ਲਈ ਹੀ ਹਰ ਗਲ ਨੂੰ ਵਿਰੋਧ ਦੀ ਨਜ਼ਰੀਏ ਨਾਲ ਦੇਖਿਆ ਜਾਵੇ । ਸਿੱਖ ਪਰਿਵਾਰਾਂ ਵਿਚ ਨਵੇਂ ਮੈਂਬਰਾਂ ਦੀ ਆਮਦ ਘੱਟ ਰਹੀ ਹੈ। ਅਜਿਹੀ ਸਥਿਤੀ ਵਿਚ ਅਸੀਂ ਵੱਡਾ ਘੱਲੂਘਾਰਾ ਵਾਪਰਨ ਪਿੱਛੋਂ ਗੁਰੂ ਅੱਗੇ ਕੀਤੀ ਗਈ ਇਸ ਅਰਦਾਸ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਕਿ ’’ਪੰਥ ਜੋ ਰਹਾ ਤੋ ਤੇਰਾ ਗ੍ਰੰਥ ਭੀ ਰਹੇਗਾ ਨਾਥ। ਪੰਥ ਨ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੈਗੋ।’’ 
 ( ਪ੍ਰੋ: ਸਰਚਾਂਦ ਸਿੰਘ ਖਿਆਲਾ 9781355522)

--
 
SARCHAND SINGH

*Mobile - 9781355522

कोई टिप्पणी नहीं: