मंगलवार, 3 जुलाई 2018

ਹਰਬੰਸ ਕੌਰ ਚੱਢਾ ਨੇ ਜਥੇਦਾਰ ਤੋਂ ਚੱਢਾ ਤੇ ਲੱਗੀ ਪਾਬੰਧੀ ਹਟਾਉਣ ਦੀ ਕੀਤੀ ਅਪੀਲ

ਸਿਆਸਤ ਦੀ ਭੇਂਟ ਚੜੀਆਂ ਚੱਢਾ ਦੀਆਂ ਧਾਰਮਿਕ ਤੇ ਸਮਾਜਿਕ ਸੇਵਾਵਾਂ 
, ਅੰਮ੍ਰਿਤਸਰ :
ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦੋ ਸਾਲ ਲਈ ਸਜਾ ਤਹਿਤ ਲੱਗੀਆਂ ਪਾਬੰਧੀਆਂ ਨੂੰ ਹਟਾਉਣ ਲਈ ਚੱਢਾ ਦੀ ਧਰਮ ਪਤਨੀ ਹਰਬੰਸ ਕੌਰ ਚੱਢਾ ਨੇ ਜਥੇਦਾਰ ਤੋਂ ਮੰਗ ਕੀਤੀ ਹੈ। ਹਰਬੰਸ ਕੌਰ ਚੱਢਾ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਲਿਖਤੀ ਰੂਪ ਵਿਚ ਅਪੀਲ ਕੀਤੀ ਕਿ ਚਰਨਜੀਤ ਸਿੰਘ ਚੱਢਾ ਵਲੋਂ ਕੀਤੀਆਂ ਧਾਰਮਿਕ ਤੇ ਸਮਾਜਿਕ ਸੇਵਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਲੱਗੀ ੨ ਸਾਲ ਦੀ ਪਾਬੰਧੀ ਨੂੰ ਹਟਾਇਆ ਜਾਵੇ। ਹਰਬੰਸ ਕੌਰ ਨੇ ਕਿਹਾ ਕਿ ਚੱਢਾ ਵਲੋਂ ਕੀਤੀਆਂ ਗਈਆਂ ਧਾਰਮਿਕ ਤੇ ਸਮਾਜਿਕ ਸੇਵਾਵਾਂ ਸਿਆਸਤ ਦੀ ਭੇਂਟ ਚੜ੍ਹ ਗਈਆਂ ਹਨ। ਉਨ੍ਹਾਂ ਜਥੇਦਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਨੇ ਚਰਨਜੀਤ ਸਿੰਘ ਚੱਢਾ ਤੇ ਲੱਗੇ ਦੋਸ਼ਾਂ ਦੀ ਉਚ ਪੱਧਰੀ ਜਾਂਚ ਕਰਵਾਈ ਹੈ, ਜਿਸ ਵਿਚ ਚੱਢਾ ਨਿਰਦੋਸ਼ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਚੀਫ ਖਾਲਸਾ ਦੀਵਾਨ ਦੀ ਪ੍ਰਧਾਨਗੀ ਦੇ ਅਹੁਦੇ ਲਈ ਸਿਆਸਤ ਖੇਡੀ ਗਈ ਹੈ, ਜਿਸ ਕਾਰਨ ਉਨ੍ਹਾਂ ਦੇ ਬੇਟੇ ਇੰਦਰਪ੍ਰੀਤ ਸਿੰਘ ਚੱਢਾ ਦੀ ਜਾਨ ਵੀ ਗਈ ਹੈ। ਹਰਬੰਸ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਬੇਟੇ ਵੀ ਗਵਾਇਆ ਅਤੇ ਸਮਾਜ ਵਿਚ ਬਣੀ ਹੋਈ ਇੱਜਤ ਨੂੰ ਵੀ ਦੀਵਾਨ ਦੀ ਪ੍ਰਧਾਨਗੀ ਹੜੱਪਣ ਦੀ ਖਾਤਰ ਸਿਆਸੀ ਲੋਕਾਂ ਨੇ ਤਾਰ-ਤਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਸਿਆਸੀ ਲੋਕਾਂ ਨੂੰ ਦੀਵਾਨ ਦੀ ਪ੍ਰਧਾਨਗੀ ਚਾਹੀਦੀ ਸੀ ਤਾਂ ਉਹ ਦੱਸ ਦਿੰਦੇ ਉਹ ਆਪਣੇ ਆਪ ਹੀ ਪਿੱਛੇ ਹਟ ਜਾਂਦੇ। ਉਨ੍ਹਾਂ ਜਥੇਦਾਰ ਨੂੰ ਕਿਹਾ ਕਿ ਚੱਢਾ ਤੇ ਲਗਾਈ ਗਈ ਪਾਬੰਧੀ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਝੰਜੋੜ ਰਹੀ ਹੈ, ਉਹ ਕਿਸੇ ਵੀ ਧਾਰਮਿਕ ਜਾਂ ਸਮਾਜਿਕ ਗਤੀਵਿਧੀਆਂ ਵਿਚ ਭਾਗ ਲੈਣ ਤੋਂ ਅਸਮਰਥ ਹਨ। ਹਰਬੰਸ ਕੌਰ ਨੇ ਜਥੇਦਾਰ ਤੋਂ ਮੰਗ ਕੀਤੀ ਕਿ ਦੋ ਸਾਲ ਦੀ ਲਗਾਈ ਗਈ ਸਜਾ ਨੂੰ ਤਬਦੀਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੱਢਾ ਨਾਲ ਉਨ੍ਹਾਂ ਆਪਣੇ ਜੀਵਨ ਦੇ ੬੪ ਸਾਲ ਬਿਤਾਏ ਹਨ, ਚੱਢਾ ਨੂੰ ਸਿਆਸਤ ਤਹਿਤ ਫਸਾਇਆ ਗਿਆ ਹੈ। ਹਰਬੰਸ ਕੌਰ ਨੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਵਲੋਂ ਜੋ ਦਰਖਾਸਤ ਕੀਤੀ ਗਈ ਹੈ, ਉਸ ਨੂੰ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਵਿਚ ਵਿਚਾਰ ਕੇ ਦੋ ਸਾਲ ਦੀ ਪਾਬੰਧੀਸ਼ੁਦਾ ਸਜਾ ਤੋਂ ਬਦਲ ਕੇ ਕਿਸੇ ਹੋਰ ਧਾਰਮਿਕ ਸਜਾ ਵਿਚ ਤਬਦੀਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਗੁਰੂ ਘਰ ਵਿਚ ਅਥਾਹ ਆਸਥਾ ਦੇ ਵਿਸ਼ਵਾਸ ਰੱਖਦਾ ਹੈ ਅਤੇ  ਸ਼੍ਰੀ ਅਕਾਲ ਤਖਤ ਸਾਹਿਬ ਦੇ ਹਰ ਹੁਕਮ ਦੀ ਪਾਲਣਾ ਕਰਦਾ ਹੈ। ਉਨ੍ਹਾਂ ਚੱਢਾ ਨੂੰ ਨਿਰਦੋਸ਼ ਦੱਸਦਿਆਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਲੱਗੀ ੨ ਸਾਲ ਦੀ ਪਾਬੰਧੀ ਨੂੰ ਹਟਾ ਕੇ ਧਾਰਮਿਕ ਸੇਵਾਵਾਂ ਦੀ ਸਜਾ ਤਹਿਤ ਤਨਖਾਹ ਲਗਾਉਣ ਲਈ ਕਿਹਾ। ਇਸ ਤੋਂ ਇਲਾਵਾ ਹਰਬੰਸ ਕੌਰ ਚੱਢਾ ਨੇ ਚਰਨਜੀਤ ਸਿੰਘ ਚੱਢਾ ਵਲੋਂ ਜੀਵਨ ਕਾਲ ਵਿਚ ਨਿਭਾਈਆਂ ਜਾਣ ਵਾਲੀਆਂ ਸੇਵਾਵਾਂ ਜਿਸ ਵਿਚ ਚੀਫ ਖਾਲਸਾ ਦੀਵਾਨ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਤੋਂ ਇਲਾਵਾ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਉਪ ਪ੍ਰਧਾਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਸਿੰਡੀਕੇਟ ਦੇ ਮੈਂਬਰ, ਪੰਜਾਬ ਅਤੇ ਹਰਿਆਣਾ ਫਾਇਨੈਂਸ ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰ, ਚੱਢਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ, ਪੰਜਾਬ ਲਾਨ ਟਾਇਨਸ ਐਸੋਸੀਏਸ਼ਨ ਦੇ ਸੈਕਟਰੀ, ਪੰਚਸ਼ੀਲ ਹਾਊਸਿੰਗ ਬਿਲਡਿੰਗ ਸੁਸਾਇਟੀ ਦੇ ਪ੍ਰਧਾਨ ਵਜੋਂ ਨਿਭਾਈਆਂ ਗਈਆਂ ਉਚ ਅਹੁਦਿਆਂ ਦਾ ਵੀ ਜਿਕਰ ਕੀਤਾ।  ਹਰਬੰਸ ਕੌਰ ਨੇ ਕਿਹਾ ਕਿ ਭਾਵੇਂ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਚਰਨਜੀਤ ਸਿੰਘ ਚੱਢਾ ਵਲੋਂ ਨੁਮਾਇੰਦਗੀ ਕਰਨ ਤੇ ਪਾਬੰਧੀ ਲਗਾਈ ਗਈ ਹੈ, ਇਸ ਦੇ ਬਾਵਜੂਦ ਵੱਖ-ਵੱਖ ਸਮੇਂ ਖਾਲਸਾ ਸੈਂਟਰਲ ਯਤੀਮਖਾਨੇ ਵਿਚ ਯਤੀਮ ਬੱਚਿਆਂ ਲਈ ਲੰਗਰ ਆਦਿ ਦੀਆਂ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਰਾਮਦਾਸ ਲੰਗਰ ਘਰ, ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ, ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ, ਗੁਰਦੁਆਰਾ ਬਾਬਾ ਬਕਾਲਾ, ਗੁਰਦੁਆਰਾ ਡੇਰਾ ਬਾਬਾ ਨਾਨਕ ਆਦਿ ਗੁਰਦੁਆਰਿਆਂ ਵਿਚ ਪੱਕਦੇ ਲੰਗਰਾਂ ਲਈ ਯੋਗ ਵਸਤੂਆਂ ਦੀ ਸੇਵਾ ਕੀਤੀ ਹੈ।

੨੬ ਦਸੰਬਰ ੨੦੧੭ ਨੂੰ ਸੋਸ਼ਲ ਮੀਡੀਆ ਤੇ ਚੀਫ ਖਾਲਸਾ ਦੀਵਾਨ ਦੇ ਸਕੂਲ ਦੀ ਇਕ ਮਹਿਲਾ ਪ੍ਰਿੰਸੀਪਲ ਨਾਲ ਚਰਨਜੀਤ ਸਿੰਘ ਚੱਢਾ ਦੀ ਇਤਰਾਜਯੋਗ ਵੀਡੀਓ ਵਾਇਰਲ ਹੋਈ ਸੀ। ਚੀਫ ਖਾਲਸਾ ਦੀਵਾਨ ਵਿਚ ਇਸ ਤੇ ਉਠੇ ਵਿਵਾਦ ਦੌਰਾਨ ੩ ਜਨਵਰੀ ੨੦੧੮ ਨੂੰ ਇੰਦਰਪ੍ਰੀਤ ਸਿੰਘ ਚੱਢਾ ਨੇ ਖੁਦ ਨੂੰ ਗੋਲੀ ਮਾਰ ਕੇ ਹੱਤਿਆ ਕਰ ਲਈ ਸੀ। ੨੩ ਜਨਵਰੀ ੨੦੧੮ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਚਰਨਜੀਤ ਸਿੰਘ ਚੱੱਢਾ ਤੇ ੨ ਸਾਲ ਲਈ ਧਾਰਮਿਕ ਤੇ ਸਮਾਜਿਕ ਗਤੀਵਿਧੀਆਂ ਵਿਚ ਨੁਮਾਇੰਦਗੀ ਕਰਨ ਤੇ ਪਾਬੰਧੀ ਲਗਾ ਦਿੱਤੀ ਸੀ। ਚੱਢਾ ਨੂੰ ਚੀਫ ਖਾਲਸਾ ਦੀਵਾਨ ਵਲੋਂ ੫ ਫਰਵਰੀ ੨੦੧੮ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਖਤਮ ਕਰ ਦਿੱਤਾ ਸੀ। ਇਸ ਤੋਂ ਇਲਾਵਾ ਖਾਲਸਾ ਕਾਲਜ ਤੇ ਹੋਰ ਸੰਸਥਾਵਾਂ ਵਲੋਂ ਵੀ ਚੱਢਾ ਦੀ ਨੁਮਾਇੰਦਗੀ ਤੇ ਰੋਕ ਲੱਗੀ ਹੋਈ ਹੈ। ਕੇਸ ਦੀ ਤਫਤੀਸ਼ ਐੱਸਆਈਟੀ ਵਲੋਂ ਕੀਤੀ ਗਈ ਜਿਸ ਦੀ ਜਾਂਚ ਰਿਪੋਰਟ ਦੇ ਅਧਾਰ ਤੇ ਥਾਣਾ ਇਸਲਾਮਾਬਾਦ ਅੰਮ੍ਰਿਤਸਰ ਵਲੋਂ ਮਾਮਲੇ ਨੂੰ ਗਲਤ ਦੱਸਦਿਆਂ ਜੇਐੱਸਆਈਸੀ ਅਰਜੁਨ ਸਿੰਘ ਦੀ ਅਦਾਲਤ ਵਿਚ ਦਾਖਲ ਕਰਵਾਇਆ ਸੀ। ਮਾਮਲੇ ਸਬੰਧੀ ਸ਼ਿਕਾਇਤ ਮਹਿਲਾ ਪ੍ਰਿੰਸੀਪਲ ਵਲੋਂ ਡੀਜੀਪੀ ਨੂੰ ਕੀਤੀ ਗਈ, ਜਿਸ ਦੇ ਅਧਾਰ ਤੇ ੨੯ ਸਤੰਬਰ ੨੦੧੭ ਨੂੰ ਐੱਫਆਈਆਰ ਦਰਜ ਕਰਦਿਆਂ ਜਾਂਚ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਸੀ। ਜਿਸ ਦੀ ਰਿਪੋਰਟ ਅਨੁਸਾਰ ਚਰਨਜੀਤ ਸਿੰਘ ਚੱਢਾ ਨੂੰ ਬਰੀ ਕੀਤਾ ਜਾ ਚੁੱਕਾ ਹੈ।

ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੇ ਨਿੱਜੀ ਸਹਾਇਕ ਸਤਿੰਦਰਪਾਲ ਸਿੰਘ ਨੇ ਕਿਹਾ ਕਿ ਬੀਬੀ ਹਰਬੰਸ ਕੌਰ ਨੇ ਚਰਨਜੀਤ ਸਿੰਘ ਚੱਢਾ ਦੀ ਸਜਾ ਨੂੰ ਮੁਆਫ ਕਰਨ ਲਈ ਅਪੀਲ ਕੀਤੀ ਹੈ, ਜੋ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਹਿੱਤ ਹੈ।

कोई टिप्पणी नहीं: