रविवार, 20 मार्च 2011

ਗਿਆਰਾਂ ਮਹੀਨਿਆਂ ਬਾਅਦ ਪੰਜਾਬ ਵਿੱਚ ਕਾਨੂੰਨ ਦਾ ਰਾਜ ਹੋਵੇਗਾ: ਮਨਪ੍ਰੀਤ

Gill Inderjit

ਚਾਉਕੇ, 19 ਮਾਰਚ
ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ‘ਜਾਗੋ ਪੰਜਾਬ ਯਾਤਰਾ’ ਤਹਿਤ ਹਲਕਾ ਮੌੜ ਮੰਡੀ ਦੇ ਪਿੰਡਾਂ ਦਾ ਦੌਰਾ ਕੀਤਾ।
ਪਿੰਡ ਝੰਡੂਕੇ ਵਿਖੇ ਇਕੱਠ ਦੌਰਾਨ ਸ੍ਰੀ ਬਾਦਲ ਨੇ ਕਿਹਾ ਕਿ ਹੋਰ ਸੂਬਿਆਂ ਖਾਸਕਰ ਬਿਹਾਰ ਦੀ ਜਨਤਾ ਵਾਂਗ ਹੁਣ ਡੂੰਘੀ ਨੀਂਦ ਵਿੱਚ ਸੁੱਤੇ ਪੰਜਾਬੀਆਂ ਨੂੰ ਵੀ ਜਾਗਣਾ ਪਵੇਗਾ ਤਾਂ ਜੋ 28 ਸੂਬਿਆਂ ਵਿੱਚੋਂ ਵਿਕਾਸ ਪੱਖੋਂ 26ਵੇਂ ਨੰਬਰ ‘ਤੇ ਡਿੱਗ ਚੁੱਕੇ ਪੰਜਾਬ ਨੂੰ ਮੁੜ ਸਿਖਰਾਂ ‘ਤੇ ਲਿਆਉਣ ਲਈ ਪੂਰਾ ਨਿਜ਼ਾਮ ਬਦਲਿਆ ਜਾ ਸਕੇ।
ਮਨਪ੍ਰੀਤ ਨੇ ਦਾਅਵਾ ਕੀਤਾ ਕਿ 11 ਮਹੀਨਿਆਂ ਬਾਅਦ ਪੰਜਾਬ ਵਿੱਚ ਕਿਸੇ ਬੰਦੇ ਦਾ ਨਹੀਂ, ਸਗੋਂ ਕੇਵਲ ਤੇ ਕੇਵਲ ਕਾਨੂੰਨ ਦਾ ਰਾਜ ਹੋਵੇਗਾ। ਇਸ ਸਮੇਂ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਦੋ ਬਲਾਕ ਸਮਿਤੀ ਮੈਂਬਰਾਂ ਗੁਰਜੀਤ ਸਿੰਘ ਭੂੰਦੜ ਤੇ ਜਗਰੂਪ ਸਿੰਘ ਰੂਪੀ ਢੱਡੇ ਨੇ ਮਨਪ੍ਰੀਤ ਬਾਦਲ ਦੀ ਹਮਾਇਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 27 ਮਾਰਚ ਨੂੰ ਖਟਕੜ ਕਲਾਂ ਵਿਖੇ ਪਹੁੰਚ ਕੇ ਇਕ ਨਵਾਂ ਤੇ ਨਰੋਆ ਪੰਜਾਬ ਸਿਰਜਣ ਦੀ ਸਹੁੰ ਖਾਣ।
ਇਸ ਮੌਕੇ ਪਿੰਡ ਝੰਡੂਕੇ ਦੇ ਯੁਵਕ ਭਲਾਈ ਸਪੋਰਟਸ ਕਲੱਬ ਦੇ ਪ੍ਰਧਾਨ ਰਾਮਕਰਨ ਸਿੰਘ ਤੇ ਹੋਰਾਂ ਵੱਲੋਂ ਸ੍ਰੀ ਬਾਦਲ ਦਾ ਸ਼ਹੀਦ ਭਗਤ ਸਿੰਘ ਦੀ ਤਸਵੀਰ ਭੇਟ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ਜਗਜੀਤ ਸਿੰਘ ਸਿੱਧੂ, ਨੇਮ ਚੰਦ ਚੌਧਰੀ ਸਰਦੂਲਗੜ੍ਹ, ਓ.ਐਸ.ਡੀ. ਚਰਨਜੀਤ ਸਿੰਘ, ਸਾਬਕਾ ਪੰਚ ਜਗਸੀਰ ਸਿੰਘ, ਗੁਰਨਾਮ ਸਿੰਘ ਢਿੱਲੋਂ, ਦਰਸ਼ਨ ਸਿੰਘ ਖਾਲਸਾ, ਗੋਰਾ ਸਿੰਘ ਅਤੇ ਬਲਦੇਵ ਸਿੰਘ ਹਾਜ਼ਰ ਸਨ।
ਗਿੱਦੜਬਾਹਾ (ਪੱਤਰ ਪ੍ਰੇਰਕ): ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੱਲ੍ਹ ਰਾਤ ਗਿੱਦੜਬਾਹਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਜਟ ਨੂੰ ਸੱਚਾਈ ਦੇ ਆਧਾਰ ‘ਤੇ ਤਿਆਰ ਕੀਤਾ ਜਾਣਾ ਚਾਹੀਦਾ ਹੈ ਪਰ ਅਫਸੋਸ ਪੰਜਾਬ ਸਰਕਾਰ ਵੱਲੋਂ ਜਾਰੀ 2011-2012 ਦਾ ਬਜਟ ਝੂਠ ਦਾ ਪੁਲੰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਬਿਜਲੀ ਦੀ ਸਬਸਿਡੀ 3400 ਕਰੋੜ ਤੋਂ ਘਟਾ ਕੇ 3000 ਕਰੋੜ ਕੀਤੀ ਹੈ, ਜਦੋਂ ਕਿ ਤੱਥਾਂ ਮੁਤਾਬਕ ਇਹ ਸਬਸਿਡੀ 4200 ਕਰੋੜ ਰੁਪਏ ਹੋਣੀ ਚਾਹੀਦੀ ਸੀ ਕਿਉਂਕਿ ਹਰ ਸਾਲ ਬਿਜਲੀ ਦੀ ਖਪਤ ਵਿੱਚ 15 ਤੋਂ 20 ਫੀਸਦੀ ਦਾ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਸਰਕਾਰ ਨੂੰ ਸਟੈਂਪ ਡਿਊਟੀ ਤੋਂ 2500 ਕਰੋੜ ਦੀ ਆਮਦਨ ਹੋਈ ਹੈ ਅਤੇ ਇਸ ਵਿੱਚ 1 ਫੀਸਦੀ ਦੀ ਕਟੌਤੀ ਬਾਅਦ ਸਰਕਾਰ ਨੇ ਸਟੈਂਪ ਡਿਊਟੀ ਤੋਂ ਆਮਦਨ ਦਾ ਟੀਚਾ 2900 ਕਰੋੜ ਰੱਖਿਆ ਹੈ। ਸਟੈਂਪ ਡਿਊਟੀ ਵਿੱਚ 1 ਫੀਸਦੀ ਦੀ ਕਟੌਤੀ ਤੋਂ ਬਾਅਦ ਇਹ ਆਮਦਨ 2500 ਕਰੋੜ ਤੋਂ ਵੀ ਘੱਟ ਜਾਵੇਗੀ।

कोई टिप्पणी नहीं: