मंगलवार, 13 अक्टूबर 2020

ਸ਼੍ਰੋਮਣੀ ਕਮੇਟੀ ਨੂੰ ਨਹੀਂ ਲੱਭ ਰਿਹਾ ਜਥੇਦਾਰ ਤੇ ਜਥੇਦਾਰ ਨੂੰ ਨਹੀਂ ਲੱਭਦਾ ਪੰਜਵਾਂ ਸਿੰਘ ਸਾਹਿਬ

 ਡੇਰਾ ਸਿਰਸਾ ਮੁੱਖੀ ਦੀ ਮੁਆਫੀ ਅੱਜ ਵੀ ਜਥੇਦਾਰ ਨੂੰ 'ਸੱਚ ਦੇ ਅਧਾਰ' 'ਤੇ ਫੈਂਸਲੇ ਕਰਨ ਲਈ ਰਹੀ ਹੈ 'ਝੰਜੋੜ'

ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਣ ਵਾਲੀ ਇਕੱਤਰਤਾ ਨਾ ਤਾਂ ਪੰਜ ਜਥੇਦਾਰਾਂ ਤੇ ਨਾ ਹੀ ਪੰਜ ਸਿੰਘ ਸਾਹਿਬ ਦੀ ਰਹੀ ਹੁਣ ਪੰਜ ਸਿੰਘਾਂ ਦੀ ਹੀ ਹੋਣ ਲੱਗੀ ਇਕੱਤਰਤਾ
 ਅੰਮਿ੍ਰਤਸਰ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਥੇਦਾਰ ਦੀ ਭਾਲ ਹੋਣ ਦੇ ਬਾਵਜੂਦ ਪੰਥ ਵਿਚ ਵਿਚਰਨ ਵਾਲਾ ਉਹ ਚਿਹਰਾ ਜਿਹੜਾ ਸਿੱਖ ਪੰਥ ਨੂੰ ਪ੍ਰਵਾਨ ਹੋਵੇ ਨਹੀਂ ਲੱਭ ਰਿਹਾ। ਉਸ ਚਿਹਰੇ ਦੀ ਭਾਲ ਵਿਚ ਲਗਾਤਾਰ ਸ਼੍ਰੋਮਣੀ ਕਮੇਟੀ ਲੱਗੀ ਹੋਈ ਹੈ। ਕਿਤੇ ਨਾ ਕਿਤੇ 2015 ਵਿਚ ਦਿੱਤੀ 'ਡੇਰਾ ਸਿਰਸਾ ਮੁੱਖੀ ਗੁਰਮੀਤ ਰਾਮ ਰਹੀਮ' ਦੀ ਮੁਆਫੀ ਅੱਜ ਵੀ ਜਥੇਦਾਰ ਨੂੰ 'ਸੱਚ ਦੇ ਅਧਾਰ' 'ਤੇ ਫੈਂਸਲੇ ਕਰਨ ਲਈ 'ਝੰਜੋੜ' ਰਹੀ ਹੈ। ਇਸੇ ਮਾਮਲੇ ਕਾਰਨ 22 ਅਕਤੂਬਰ 2018 ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਦਿੱਤੇ ਅਸਤੀਫੇ ਨੂੰ ਪ੍ਰਵਾਨ ਕਰਨ ਤੋਂ ਬਾਅਦ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਲਗਾ ਕੇ ਵਾਧੂ ਚਾਰਜ ਸੌਂਪ ਦਿੱਤਾ ਗਿਆ ਸੀ। ਸ਼੍ਰੋਮਣੀ ਕਮੇਟੀ ਵੱਲੋਂ ਉਦੋਂ ਹੀ ਕਿਹਾ ਗਿਆ ਸੀ ਕਿ ਜਲਦ ਹੀ ਸ੍ਰੀ ਅਕਾਲ ਤਖਤ ਸਾਹਿਬ ਦਾ ਸਥਾਈ ਜਥੇਦਾਰ ਵੀ ਨਿਯੁਕਤ ਕਰ ਦਿੱਤਾ ਜਾਵੇਗਾ, 23 ਮਹੀਨੇ ਬੀਤਣ ਤੋਂ ਬਾਅਦ ਵੀ ਸ਼੍ਰੋਮਣੀ ਕਮੇਟੀ ਨੂੰ ਨਾ ਤਾਂ ਜਥੇਦਾਰ ਲੱਭ ਰਿਹਾ ਹੈ ਅਤੇ ਨਾ ਹੀ ਜਥੇਦਾਰ ਲਈ ਕੋਈ ਇੱਕ ਇਹੋ ਜਿਹੀ ਸ਼ਖ਼ਸੀਅਤ ਸਾਹਮਣੇ ਆ ਰਹੀ ਹੈ, ਜਿਹੜੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣ ਕੇ ਪੰਥ ਦੀ ਨੁਮਾਇੰਦਗੀ ਕਰ ਸਕੇ। ਭਾਵੇਂ ਗਿਆਨੀ ਹਰਪ੍ਰੀਤ ਸਿੰਘ ਲਗਾਤਾਰ ਸ੍ਰੀ ਅਕਾਲ ਤਖਤ ਸਾਹਿਬ 'ਤੇੇ ਆ ਰਹੇ ਮਸਲਿਆਂ ਨੂੰ ਨਬੇੜ ਰਹੇ ਹਨ, ਉਹਨਾਂ ਮਸਲਿਆਂ ਵਿਚ ਕੁੱਝ ਮਸਲੇ ਪੰਥ ਪ੍ਰਵਾਨਿਤ ਹੋ ਰਹੇ ਹਨ ਅਤੇ ਕੁੱਝ ਮਸਲੇ ਫਿਰ ਵਿਵਾਦਾਂ ਵਿਚ ਘਿਰ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਵਿਚੋਂ ਘਟੇ 328 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਸਬੰਧੀ ਵੀ ਮਾਮਲਾ ਅੱਜ ਵੀ ਵਿਵਾਦਾਂ ਵਿਚ ਖੜ੍ਹਾ ਹੈ। ਜਿੱਥੇ ਸ਼੍ਰੋਮਣੀ ਕਮੇਟੀ ਨੂੰ ਕੋਈ ਜਥੇਦਾਰ ਨਹੀਂ ਲੱਭ ਰਿਹਾ ਉੱਥੇ ਪੰਜਾਂ ਜਥੇਦਾਰਾਂ ਦੀ ਇਕੱਤਰਤਾ ਵਿੱਚ ਪਹਿਲਾਂ ਹੀ ਦੋ ਤਖਤਾ 'ਤੇ ਇਕ ਜਥੇਦਾਰ ਹੋਣ ਦੇ ਨਾਤੇ ਗਿਆਨੀ ਹਰਪ੍ਰੀਤ ਸਿੰਘ ਸੇਵਾ ਨਿਭਾ ਰਹੇ ਹਨ। ਜਿਸ ਲਈ ਇੱਕ ਜਥੇਦਾਰ ਪਹਿਲਾਂ ਹੀ ਘੱਟ ਜਾਂਦਾ ਹੈ ਅਤੇ ਦੂਸਰੇ ਪਾਸੇ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਕਦੇ ਵੀ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਦੀ ਇਕੱਤਰਤਾ ਵਿਚ ਹਾਜ਼ਰ ਨਹੀਂ ਹੋਏ,  ਅਪ੍ਰੈਲ 2020 ਦੀ ਪੰਜ ਸਿੰਘ ਸਾਹਿਬ ਦੀ ਇਕੱਤਰਤਾ ਆਨਲਾਈਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੀਤੀ ਗਈ, ਜਿਸ ਵਿੱਚ ਪਹਿਲੀ ਵਾਰ ਜਥੇਦਾਰ ਬਾਬਾ ਕੁਲਵੰਤ ਸਿੰਘ ਨੇ ਵੀਡੀਓ ਕਾਨਫਰੰਸ ਰਾਹੀਂ ਇਕੱਤਰਤਾ ਵਿੱਚ ਸਮੂਲੀਅਤ ਕੀਤੀ। ਤਖਤ ਸ੍ਰੀ ਹਜ਼ੂਰ ਸਾਹਿਬ ਵੱਲੋਂ ਮੀਤ ਜਥੇਦਾਰ ਜੋਤਇੰਦਰ ਸਿੰਘ ਹੀ ਮੀਟਿੰਗ ਵਿੱਚ ਹਾਜ਼ਰ ਹੁੰਦੇ ਰਹੇ ਸਨ, ਪਰ ਉਹ ਵੀ ਲੰਮੇਂ ਸਮੇਂ ਤੋਂ ਕੁਝ ਕਾਰਨ ਕਰਕੇ ਇਹਨਾਂ ਮੀਟਿੰਗਾਂ ਵਿਚ ਹਾਜ਼ਰ ਨਹੀਂ ਹੋ ਰਹੇ। ਪੰਜ ਸਿੰਘ ਸਾਹਿਬ ਦੀਆਂ ਇਕੱਤਰਤਾ ਵਿਚ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ, ਵਧੀਕ ਮੁੱਖ ਗ੍ਰੰਥੀ ਤੇ ਗ੍ਰੰਥੀ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ, ਵਧੀਕ ਮੁੱਖ ਗ੍ਰੰਥੀ ਜਾਂ ਗ੍ਰੰਥੀ ਸਿੰਘ ਨੂੰ ਸ਼ਾਮਲ ਕੀਤਾ ਜਾਂਦਾ ਸੀ ਅਤੇ ਹੁਣ ਕੁਝ ਇਕੱਤਰਤਾਵਾਂ ਵਿੱਚ ਦੇਖਣ ਨੂੰ ਮਿਲਿਆ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਰੱਖੀ ਜਾਣ ਵਾਲੀ ਪੰਜ ਸਿੰਘ ਸਾਹਿਬ ਦੀ ਇਕੱਤਰਤਾ ਵਿਚ ਵੀ ਪੰਜ ਸਿੰਘ ਸਾਹਿਬ ਇਕੱਠੇ ਨਹੀਂ ਹੁੰਦੇ, ਜਦਕਿ ਇਸ ਵਿੱਚ ਇੱਕ ਪੰਜਾਂ ਪਿਆਰਿਆਂ ਵਿੱਚੋਂ ਹੀ ਇੱਕ ਸਿੰਘ ਲੈ ਕੇ ਪੰਜ ਸਿੰਘ ਪੂਰੇ ਕੀਤੇ ਜਾ ਰਹੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਣ ਵਾਲੀ ਇਕੱਤਰਤਾ ਨਾ ਤਾਂ ਪੰਜ ਜਥੇਦਾਰਾਂ ਦੀ ਰਹੀ ਹੈ ਅਤੇ ਨਾ ਹੀ ਪੰਜ ਸਿੰਘ ਸਾਹਿਬ ਦੀ ਇੱਥੇ ਤਾਂ ਹੁਣ ਪੰਜ ਸਿੰਘਾਂ ਦੀ ਹੀ ਇਕੱਤਰਤਾ ਹੋ ਰਹੀ ਹੈ। ਇਥੋਂ ਸਪੱਸ਼ਟ ਹੋ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਵਿਚ ਬਣੇ ਹਲਾਤਾਂ ਕਾਰਨ ਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਿਨ੍ਹਾਂ ਤਖ਼ਤਾਂ ਤੇ ਸੇਵਾ ਲਈ ਲੋੜੀਂਦੇ ਇੱਕ ਜਥੇਦਾਰ ਦੀ ਘਾਟ ਕੋਈ ਸਿੱਖ ਪੰਥਕ ਚਿਹਰਾ ਪੂਰਾ ਕਰ ਪਾ ਰਿਹਾ ਹੈ, ਜੋ ਸ੍ਰੀ ਅਕਾਲ ਤਖਤ ਸਾਹਿਬ ਜਾਂ ਕਿਸੇ ਹੋਰ ਪੰਜਾਬ ਦੇ ਤਖਤ 'ਤੇ ਸੇਵਾ ਨਿਭਾ ਕੇ ਘੱਟ ਪੈ ਰਹੇ ਜਥੇਦਾਰ ਦੀ ਘਾਟ ਨੂੰ ਪੂਰਾ ਕਰ ਸਕੇ ਅਤੇ ਨਾ ਹੀ ਸ੍ਰੀ ਅਕਾਲ ਤਖਤ ਸਾਹਿਬ 'ਤੇ ਹੋਣ ਵਾਲੀ ਪੰਜ ਸਿੰਘ ਸਾਹਿਬ ਦੀ ਇਕੱਤਰਤਾ ਵਿੱਚ ਪੰਜਵਾਂ ਸਿੰਘ ਸਾਹਿਬ ਹੀ ਸ਼ਾਮਲ ਹੋ ਰਿਹਾ ਹੈ। ਕਿਤੇ ਨਾ ਕਿਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਣ ਵਾਲੇ ਆਦੇਸ਼, ਸੰਦੇਸ਼, ਹੁਕਮਨਾਮੇ ਜਾਂ ਫ਼ੈਸਲਿਆਂ ਪ੍ਰਤੀ ਪੰਥਕ ਆਗੂਆਂ/ਸਿੱਖਾਂ ਵੱਲੋਂ ਕੀਤੇ ਜਾ ਰਹੇ ਕਿੰਤੂ ਇਸ ਵਿਸ਼ੇ ਦਾ ਕਾਰਨ ਬਣ ਰਹੇ ਹਨ।

कोई टिप्पणी नहीं: